ਪਿੰਡ ਮਦਨਹੇੜੀ (ਖਰੜ) ਵਿਖੇ ਜਲਦ ਹੀ ਪੇਂਡੂ ਖੇਤਰ ਲਈ ਪਹਿਲਾ ਪਲਾਸਟਿਕ ਵੇਸਟ ਸੇਗਰੀਗੇਸ਼ਨ ਪਲਾਂਟ ਲਗਾਇਆ ਜਾਵੇਗਾ
ਏਡੀਸੀ ਸੋਨਮ ਚੌਧਰੀ ਨੇ ਪੇਂਡੂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਬੀ ਡੀ ਪੀ ਓਜ਼ ਨੂੰ ਫਰਵਰੀ ਅੱਧ ਤੱਕ ਲਾਇਬ੍ਰੇਰੀਆਂ ਦਾ ਕੰਮ ਪੂਰਾ ਕਰਨ ਲਈ ਕਿਹਾ
ਐਸ.ਏ.ਐਸ.ਨਗਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਅਲੱਗ ਕਰਨ ਲਈ ਖਰੜ ਬਲਾਕ ਦੇ ਪਿੰਡ ਮਦਨਹੇੜੀ ਵਿਖੇ ਪੇਂਡੂ ਖੇਤਰ ਦਾ ਪਹਿਲਾ ਪਲਾਸਟਿਕ ਵੇਸਟ ਸੇਗਰੀਗੇਸ਼ਨ ਪਲਾਂਟ ਲਗਾਇਆ ਜਾਵੇਗਾ ਜੋ ਕਿ ਮੁਹਾਲੀ ਦੇ ਪਿੰਡਾਂ ਨੂੰ ਵੀ ਸੇਵਾ ਦੇਵੇਗਾ।
ਕਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਕਰਦਿਆਂ ਏ.ਡੀ.ਸੀ. ਨੇ ਕਿਹਾ ਕਿ ਪੇਂਡੂ ਖੇਤਰ ਵਿੱਚ ਠੋਸ ਅਤੇ ਗਿੱਲਾ ਕੂੜਾ-ਕਰਕਟ ਇੱਕ ਵੱਡਾ ਮੁੱਦਾ ਬਣ ਗਿਆ ਹੈ ਅਤੇ ਇਸ ਦੇ ਨਿਪਟਾਰੇ ਲਈ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮਦਦ ਨਾਲ ਕੰਮ ਕਰ ਰਹੇ ਹਾਂ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਦਨਹੇੜੀ ਵਿਖੇ ਸਥਾਪਿਤ ਕੀਤਾ ਜਾ ਰਿਹਾ ਪਲਾਸਟਿਕ ਵੇਸਟ ਪਲਾਂਟ ਪਲਾਸਟਿਕ ਦੀ ਸਮੱਗਰੀ ਨੂੰ ਗੱਠਾਂ ਵਿੱਚ ਬੰਨ੍ਹਣ ਦਾ ਕੰਮ ਕਰੇਗਾ, ਜਿਸ ਨਾਲ ਖੁੱਲ੍ਹੇ ਬਾਜ਼ਾਰ ਵਿੱਚ ਵਿਕਰੀ ਲਈ ਰਾਹ ਪੱਧਰਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 78 ਪਿੰਡਾਂ ਨੂੰ ਮਾਰਚ ਦੇ ਅੰਤ ਤੱਕ ਮਾਡਲ ਪਿੰਡ ਬਣਾਉਣ ਲਈ ਸੁੱਕੇ ਅਤੇ ਗਿੱਲੇ ਕੂੜੇ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕਰਕੇ ਓ ਡੀ ਐੱਫ ਪਲੱਸ ਟੈਗ ਪ੍ਰਾਪਤ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਮੋਹਾਲੀ ਅਤੇ ਡੇਰਾਬੱਸੀ ਬਲਾਕਾਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਬਲਾਕਾਂ ਵਿੱਚ ਪੇਂਡੂ ਲਾਇਬ੍ਰੇਰੀਆਂ ਦੀ ਉਸਾਰੀ ਅਤੇ ਮੁਕੰਮਲ ਕਰਨ ਦਾ ਕੰਮ ਫਰਵਰੀ ਦੇ ਅੱਧ ਤੱਕ ਮੁਕੰਮਲ ਕਰ ਲੈਣ ਤਾਂ ਜੋ ਫਰਵਰੀ ਦੇ ਅੰਤ ਤੱਕ ਇਨ੍ਹਾਂ ਨੂੰ ਚਾਲੂ ਕੀਤਾ ਜਾ ਸਕੇ। ਦੋਵਾਂ ਬਲਾਕਾਂ ਵਿੱਚ ਛੇ-ਛੇ ਲਾਇਬ੍ਰੇਰੀਆਂ ਹਨ।
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਮਕਾਨਾਂ ਦੀ ਉਸਾਰੀ ਵਿੱਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਲਾਭਪਾਤਰੀਆਂ ਦੀ ਸਹੀ ਢੰਗ ਨਾਲ ਮੱਦਦ ਕੀਤੀ ਜਾਵੇ ਅਤੇ ਪਹਿਲੇ/ਦੂਜੇ ਪੜਾਅ ਨੂੰ ਪੂਰਾ ਕਰਕੇ ਬਾਕੀ ਦੀਆਂ ਕਿਸ਼ਤਾਂ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕੀਤਾ ਜਾਵੇ। ਜ਼ਿਲ੍ਹੇ ਵਿੱਚ 26 ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਅਤੇ 154 ਖੇਡ ਮੈਦਾਨਾਂ ਦੇ ਨਿਰਮਾਣ ਦੀ ਪ੍ਰਗਤੀ ਦਾ ਵੀ ਮੁਲਾਂਕਣ ਕੀਤਾ ਗਿਆ ਅਤੇ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਕਿਹਾ ਗਿਆ।
ਬੀ ਡੀ ਪੀ ਓਜ਼ ਨੂੰ ਵੱਖ-ਵੱਖ ਵਿੱਤ ਕਮਿਸ਼ਨਾਂ ਅਤੇ ਐਮ ਪੀ ਲੋਕਲ ਏਰੀਆ ਡਿਵੈਲਪਮੈਂਟ ਫੰਡਾਂ ਅਧੀਨ ਮੁਕੰਮਲ ਕੀਤੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਬਿਨਾਂ ਦੇਰੀ ਦੇ ਦੇਣ ਲਈ ਵੀ ਕਿਹਾ ਗਿਆ।
ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ, ਮੁਹਾਲੀ ਤੋਂ ਦਮਨਦੀਪ ਕੌਰ ਅਤੇ ਡੇਰਾਬੱਸੀ ਤੋਂ ਅਮਿਤ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ ਈ ਓ ਰਣਜੀਤ ਸਿੰਘ, ਬੀ ਡੀ ਪੀ ਓ ਮੋਹਾਲੀ ਧਨਵੰਤ ਸਿੰਘ ਰੰਧਾਵਾ ਅਤੇ ਬੀ ਡੀ ਪੀ ਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਵੀ ਹਾਜ਼ਰ ਸਨ। (ਡੀ ਪੀ ਆਰ ਦੇ ਇੰਪੁੱਟ ਨਾਲ)
Discover more from News On Radar India
Subscribe to get the latest posts sent to your email.
Comments are closed.