News around you

ਨਵ-ਨਿਯੁਕਤ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਕੀਤਾ ਜ਼ਿਲ੍ਹਾ ਹਸਪਤਾਲ ਦਾ ਦੌਰਾ

ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਜ਼ਿਲ੍ਹੇ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਮੈਡੀਕਲ ਸਾਜ਼ੋ-ਸਾਮਾਨ ਦਾ ਨਿਰੀਖਣ ਕੀਤਾ। ਸਿਵਲ ਸਰਜਨ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਫੇਰੀ ਪਾਈ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੀ ਬਿਹਤਰੀ ਲਈ ਉਨ੍ਹਾਂ ਦੇ ਸੁਝਾਅ ਵੀ ਲਏ। ਡਾ. ਦਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਐਮਰਜੈਂਸੀ ਵਾਰਡ, ਆਈ.ਸੀ.ਯੂ, ਆਪਰੇਸ਼ਨ ਥਿਏਟਰ, ਵੱਖ-ਵੱਖ ਓ.ਪੀ.ਡੀ. ਕਮਰਿਆਂ, ਲੈਬ ਵਿਚ ਫੇਰੀ ਪਾਈ। ਉਨ੍ਹਾਂ ਹਸਪਤਾਲ ਵਿਚ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਸਮੁੱਚੇ ਹਸਪਤਾਲ ਨੂੰ ਇਸੇ ਤਰ੍ਹਾਂ ਸਾਫ਼-ਸੁਥਰਾ ਰਖਿਆ ਜਾਵੇ ਤਾਕਿ ਮਰੀਜ਼ਾਂ ਨੂੰ ਚੰਗਾ ਮਾਹੌਲ ਮਿਲਦਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭਾਵੇਂ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿਚ ਮਿਲ ਰਹੀਆਂ ਹਨ ਪਰ ਫਿਰ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਓ.ਪੀ.ਡੀ. ਜਾਂ ਐਮਰਜੈਂਸੀ ਮਰੀਜ਼ ਜਾਂ ਉਸ ਦੇ ਤੀਮਾਰਦਾਰ ਕੋਲੋਂ ਬਾਹਰੋਂ ਦਵਾਈ ਨਾ ਮੰਗਵਾਈ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੂਬਾਈ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਚੰਗੀ ਸਿਹਤ ਯਕੀਨੀ ਬਣਾਉਣ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਉੱਚ ਪੱਧਰ ਦੀਆਂ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਚ.ਚੀਮਾ, ਡਾ. ਵਿਜੇ ਭਗਤ, ਡਾ. ਪਰਮਿੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।                                                                                                              (ਇਨਪੁਟ: ਡੀ ਪੀ ਆਰ ਓ ਆਫਿਸ)

 

Comments are closed.