ਡੀ ਸੀ ਆਸ਼ਿਕਾ ਜੈਨ ਵੱਲੋਂ ਮਾਈਨਿੰਗ ਅਧਿਕਾਰੀਆਂ ਨੂੰ ਆਦੇਸ਼: ਡੀ-ਸਿਲਟਿੰਗ/ਮਾਈਨਿੰਗ ਸਾਈਟ ਦੇ ਸੰਚਾਲਨ ਚ ਪੂਰਣ ਪਾਰਦਰਸ਼ਤਾ
ਐਸ.ਡੀ.ਐਮਜ਼ ਨੂੰ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਬਾਰੇ ਪਤਾ ਲੱਗਣ ‘ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਪੁਲਿਸ, ਪ੍ਰਸ਼ਾਸਨ ਅਤੇ ਮਾਈਨਿੰਗ ਅਧਿਕਾਰੀਆਂ ਨਾਲ ਮੀਟਿੰਗ
ਐਸ.ਏ.ਐਸ.ਨਗਰ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਡੀ-ਸਿਲਟਿੰਗ/ਮਾਈਨਿੰਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਰੱਖਣ ਅਤੇ ਸਥਾਨਕ ਲੋਕਾਂ ਨੂੰ ਸੂਚਿਤ ਕਰਨ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦਿੱਤੇ ਗਏ ਠੇਕੇ ਬਾਰੇ ‘ਪਬਲਿਕ ਡੋਮੇਨ’ ਵਿੱਚ ਸਾਰੀ ਜਾਣਕਾਰੀ ਸਾਫ਼ ਤੇ ਸਪੱਸ਼ਟ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਪੁਲਿਸ, ਪ੍ਰਸ਼ਾਸਨਿਕ ਅਤੇ ਮਾਈਨਿੰਗ ਅਧਿਕਾਰੀਆਂ ਦੀ ਮੀਟਿੰਗ ਲੈਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ ਪੁਲਿਸ ਹਮਰੁਤਬਾ ਅਤੇ ਮਾਈਨਿੰਗ ਅਧਿਕਾਰੀਆਂ ਦੇ ਸੰਪਰਕ ਵਿੱਚ ਰਹਿ ਕੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਤੀ ਤਾਂ ਜੋ ਅਜਿਹੀ ਕੋਈ ਗਤੀਵਿਧੀ ਨਾ ਹੋਵੇ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਅਮਿਤ ਗੁਪਤਾ ਨੂੰ ਬਨੂੜ ਵੀਅਰ ਡੀ-ਸਿਲਟਿੰਗ ਵਾਲੀ ਥਾਂ ‘ਤੇ ਨਿਯਮਿਤ ਸਮੇਂ ‘ਤੇ ਤਹਿਸੀਲਦਾਰ ਅਤੇ ਪਟਵਾਰੀ ਭੇਜ ਕੇ ਚੈਕਿੰਗ ਕਰਦੇ ਰਹਿਣ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਨੇ ਡਰੇਨੇਜ-ਕਮ-ਖਣਨ ਅਤੇ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਠੇਕੇਦਾਰ ਨੂੰ ਹੋਰ ਡੀ-ਸਿਲਟਿੰਗ ਸਾਈਟਾਂ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਸਬੰਧਿਤ ਦੀ ਜਾਣਕਾਰੀ ਸਥਾਨਕ ਐਸ ਡੀ ਐਮ ਅਤੇ ਪੁਲਿਸ ਨਾਲ ਬਿਨਾਂ ਕਿਸੇ ਦੇਰੀ ਦੇ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਦੇ ਕੰਮਕਾਜ ‘ਤੇ ਨਿਯਮਤ ਨਿਗਰਾਨੀ ਰੱਖੀ ਜਾ ਸਕੇ।
ਮਾਈਨਿੰਗ ਅਫ਼ਸਰਾਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਸਿਰਫ਼ ਇੱਕ ਹੀ ਡੀ-ਸਿਲਟਿੰਗ ਸਾਈਟ ਬਨੂੜ ਵੀਅਰ ਚਾਲੂ ਹੈ ਅਤੇ ਇਸ ਤੋਂ ਇਲਾਵਾ ਐਸ.ਏ.ਨਗਰ ਜ਼ਿਲ੍ਹੇ ਵਿੱਚ ਵਿਭਾਗ ਦੀ ਕੋਈ ਵੀ ਡੀ-ਸਿਲਟਿੰਗ ਸਾਈਟ ਜਾਂ ਮਾਈਨਿੰਗ ਸਾਈਟ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਰ-ਕਾਨੂੰਨੀ ਸਾਈਟ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਐਫਆਈਆਰ ਦਰਜ ਕਰਵਾਉਣ ਲਈ ਪੁਲਿਸ ਦੇ ਧਿਆਨ ਵਿੱਚ ਲਿਆਉਣਗੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਨੂੜ ਵੀਅਰਸਾਈਟ ‘ਤੇ ਵੀ ਰੈਗੂਲਰ ਰਾਤ ਦੀ ਗਸ਼ਤ ਜਾਰੀ ਰੱਖਣ। ਇਸ ਸਾਈਟ ਦਾ ਸੰਚਾਲਨ ਮਾਈਨਿੰਗ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅਤੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕੀਤਾ ਜਾਵੇਗਾ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ, ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ, ਐਸ.ਡੀ.ਐਮ ਖਰੜ ਗੁਰਮੰਦਰ ਸਿੰਘ, ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ, ਡੀ.ਆਰ.ਓ. ਡਾ.ਅਮਨਦੀਪ ਚਾਵਲਾ, ਈ.ਓ. ਜ਼ੀਰਕਪੁਰ ਅਸ਼ੋਕ ਕੁਮਾਰ ਪਠਾਰੀਆ, ਈ.ਓ ਡੇਰਾਬੱਸੀ ਵਿਜੇ ਜਿੰਦਲ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ। (ਡੀ ਪੀ ਆਰ ਦੇ ਇੰਪੁੱਟ ਨਾਲ)