ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਨੂੰ ਗੂਗਲ ਪਲੇਟਫਾਰਮ ਜੈਮਿਨੀ ਆਈ ‘ਤੇ ਸ਼ਾਮਲ ਕਰਾਉਣ ਲਈ ਵੱਖ-ਵੱਖ ਵਿਭਾਗਾਂ ਅਤੇ ਪੰਜਾਬੀ ਬੁੱਧੀਜੀਵੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਡੈਟਾ ਦੀ ਉਪਲੱਬਧਤਾ ਛੇ ਮਹੀਨਿਆਂ ‘ਚ ਕਰਾਉਣ ਲਈ ਰੋਡ ਮੈਪ ਤਿਆਰ ਕਰਨ ‘ਤੇ ਜ਼ੋਰ ਦਿੱਤਾ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਕੀਤੀ ਮੀਟਿੰਗ ਦੌਰਾਨ ਸ. ਸੰਧਵਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਗੂਗਲ ਨੇ ਆਪਣੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਪਲੇਟਫਾਰਮ ‘ਤੇ ਤਾਜ਼ਾ ਜਾਰੀ ਜੈਮਿਨੀ ਆਈ ਐਪ ‘ਤੇ ਗੁਜਰਾਤੀ, ਮਰਾਠੀ ਆਦਿ ਭਾਸ਼ਾਵਾਂ ਨੂੰ ਤਾਂ ਸ਼ਾਮਲ ਕੀਤਾ ਹੈ ਪਰ ਪੰਜਾਬੀ ਇਸ ਵਿੱਚ ਸ਼ਾਮਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਗੂਗਲ ਨੇ ਪੰਜਾਬੀ ਭਾਸ਼ਾ ਨੂੰ ਇਸ ਲਈ ਏ.ਆਈ. ਪਲੇਟਫਾਰਮ ‘ਤੇ ਸ਼ਾਮਲ ਨਹੀਂ ਕੀਤਾ ਕਿਉਂਕਿ ਪੰਜਾਬੀ ਦਾ ਸ਼ਬਦ ਭੰਡਾਰ/ਡੈਟਾ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਲਈ ਪੰਜਾਬੀ ਦਾ ਡੈਟਾ ਛੇਤੀ ਤਿਆਰ ਕਰਕੇ ਆਨਲਾਈ ਅਪਲੋਡ ਕਰਨਾ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਛੇ ਮਹੀਨਿਆਂ ‘ਚ ਇਹ ਕਾਰਜ ਮੁਕੰਮਲ ਕਰ ਲਿਆ ਜਾਵੇਗਾ
ਤਾਂ ਜੋ ਪੰਜਾਬੀ ਭਾਸ਼ਾ ਵੀ ਹੋਰਨਾਂ 9 ਭਾਸ਼ਾਵਾਂ ਵਾਂਗ ਗੂਗਲ ਦੇ ਏ.ਆਈ. ਪਲੇਟਫਾਰਮ ‘ਤੇ ਸ਼ਾਮਲ ਹੋ ਸਕੇ।

ਸਪੀਕਰ ਨੇ ਕਿਹਾ ਕਿ ਅਜੋਕਾ ਦੌਰ ਮਸ਼ੀਨੀ ਬੁੱਧੀਮਾਨਤਾ ਦਾ ਦੌਰ ਹੈ ਤੇ ਇਸ ਦੌਰ ਵਿੱਚ ਪੰਜਾਬੀ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ‘ਤੇ ਸ਼ਾਮਲ ਕਰਨਾ ਅੱਜ ਦੇ ਸਮੇਂ ‘ਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਇਸ ਪਲੇਟਫਾਰਮ ‘ਤੇ ਉਪਲੱਬਧ ਨਹੀਂ ਹੋਵੇਗੀ ਤਾਂ ਕਿਸੇ ਵੀ ਦੂਜੀਆਂ ਭਾਸ਼ਾ ਨੂੰ ਨਾ ਤਾਂ ਪੰਜਾਬੀ ਵਿੱਚ ਅਨੁਵਾਦ ਕੀਤਾ ਜਾ ਸਕੇਗਾ ਅਤੇ ਨਾ ਹੀ ਪੰਜਾਬੀ ਦਾ ਕਿਸੇ ਦੂਜੀ ਭਾਸ਼ਾ ‘ਚ ਅਨੁਵਾਦ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਸਮੇਂ ‘ਚ ਪੰਜਾਬੀ ਭਾਸ਼ਾ ਦੀ ਹੋਂਦ ਬਣਾਈ ਰੱਖਣ ਲਈ ਪੰਜਾਬੀ ਭਾਸ਼ਾ ‘ਚ ਡੈਟਾ ਦੀ ਉਪਲੱਬਧਤਾ ਕਰਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਾਰਜ ਨਾ ਕੀਤਾ ਗਿਆ ਤਾਂ ਪੰਜਾਬੀਆਂ ਨੂੰ ਜਾਂ ਤਾਂ ਹਿੰਦੀ ਵਰਤਣੀ ਪਵੇਗੀ ਜਾਂ ਕਿਸੇ ਹੋ ਭਾਸ਼ਾ ਦਾ ਸਹਾਰਾ ਲੈਣਾ ਪਵੇਗਾ।
Also Read
ਸਪੀਕਰ ਨੇ ਅੱਗੇ ਕਿਹਾ ਕਿ ਪੰਜਾਬੀ ਦੁਨੀਆਂ ਭਰ ‘ਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪਹਿਲੀਆਂ 10 ਭਾਸ਼ਾਵਾਂ ‘ਚ ਸ਼ਾਮਲ ਹੈ। ਪੰਜਾਬੀ ਬੋਲਣ ਵਾਲਿਆਂ ‘ਚ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ, ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਦੁਨੀਆਂ ਭਰ ਦੇ ਵਿਭਿੰਨ ਦੇਸ਼ਾਂ ‘ਚ ਵਸਦੇ ਲੋਕਾਂ ਵੱਲੋਂ ਬੋਲੀ ਜਾਂਦੀ ਭਾਸ਼ਾ ਹੈ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਦੀ ਹੋਂਦ ਬਣਾਈ ਰੱਖਣ ਲਈ ਗੂਗਲ ਏ.ਆਈ. ਪਲੇਟਫਾਰਮ ‘ਤੇ ਪੰਜਾਬੀ ਦਾ ਹੋਣਾ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਉੱਘੇ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ, ਉੱਘੇ ਪੰਜਾਬੀ ਆਲੋਚਕ ਡਾ. ਅਮਰਜੀਤ ਸਿੰਘ ਗਰੇਵਾਲ ਤੋਂ ਇਲਾਵਾ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ, ਪ੍ਰਸ਼ਾਸਕੀ ਸੁਧਾਰ ਵਿਭਾਗ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੁਮਾਇੰਦੇ ਸ਼ਾਮਲ ਹੋਏ। (inputs from DIPR)
Discover more from News On Radar India
Subscribe to get the latest posts sent to your email.
Comments are closed.