News around you

ਪੰਜਾਬੀ ਗਾਇਕੀ ਦੀ ਸੁਰੀਲੀ ਗਾਇਕਾ ਜਸਮੀਨ ਅਖ਼ਤਰ ਦਾ ਗੀਤ ‘ਨੂੰਹ ਰਾਣੀ’ ਹੋਇਆ ਰਲੀਜ਼

ਜਸਮੀਨ ਨੂੰ ਵਿਰਸੇ ਵਿਚ ਹੀ ਮਿਲੀ ਗਾਇਕੀ : ਮੰਨਤ ਨੂਰ

ਰੱਬ ਜਸਮੀਨ ਨੂੰ ਲੰਮੀ ਉਮਰ ਅਤੇ ਤਰੱਕੀਆਂ ਬਖ਼ਸ਼ੇ : ਸਚਿਨ ਅਹੂਜਾ

ਮੋਹਾਲੀ: ਪੰਜਾਬੀ ਗਾਇਕੀ ਵਿੱਚ ਮਕਬੂਲੀਅਤ ਹਾਸਲ ਕਰ ਚੁੱਕਿਆ ਅਖ਼ਤਰ ਪਰਿਵਾਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਗਾਇਕੀ ਵਿਚ ਸਿਖ਼ਰਾਂ ਛੂਹ ਰਹੇ ਇਸ ਪਰਿਵਾਰ ਦੇ ਗਾਇਕ ਦਿਲਸ਼ਾਦ ਅਖ਼ਤਰ, ਮਨਪ੍ਰੀਤ ਅਖ਼ਤਰ ਅਤੇ ਗੁਰਲੇਜ਼ ਅਖ਼ਤਰ ਦੀ ਭੈਣ ਜਸਮੀਨ ਅਖ਼ਤਰ ਹੁਣ ਆਪਣਾ ਇਕ ਨਵਾਂ ਪੰਜਾਬੀ ਗੀਤ ‘ਨੂੰਹ ਰਾਣੀ’ ਲੈ ਕੇ ਸਰੋਤਿਆਂ ਵਿਚ ਆਈ ਹੈ। ਇਹ ਗੀਤ ਮੋਹਾਲੀ ਪ੍ਰੈਸ ਕਲੱਬ ਵਿਚ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਗਾਇਕਾ ਜਸਮੀਨ ਅਖ਼ਤਰ ਅਤੇ ਸਾਥੀਆਂ ਵਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸੰਗੀਤਕਾਰ ਸਚਿਨ ਆਹੂਜਾ, ਮਸ਼ਹੂਰ ਪੰਜਾਬੀ ਗਾਇਕਾ ਮੰਨਤ ਨੂਰ, ਅਖ਼ਤਰ ਭਰਾ, ਸ੍ਰੀਮਤੀ ਰਾਣੀ ਅਖ਼ਤਰ, ਮਾਸਟਰ ਖਾਨ, ਜਗਸੀਰ ਜੱਗੀ ਆਦਿ ਹਾਜ਼ਰ ਸਨ।

ਆਪਣੇ ਨਵੇਂ ਗੀਤ ਬਾਰੇ ਗੱਲਬਾਤ ਕਰਦਿਆਂ ਜਸਮੀਨ ਅਖ਼ਤਰ ਨੇ ਕਿਹਾ ਕਿ ‘ਨੂੰਹ ਰਾਣੀ’ ਗੀਤ ਵਿਆਹ ਸਮਾਗਮਾਂ ਵਿੱਚ ਗਾਇਆ ਜਾਣ ਵਾਲਾ ਇਕ ਖ਼ੂਬਸੂਰਤ ਗੀਤ ਹੈ, ਜਿਸ ਵਿਚ ਇਕ ਮੁੰਡਾ ਆਪਣੀ ਜੀਵਨ ਸਾਥਣ ਕੁੜੀ ਵਿਚ ਸਾਦਗੀ, ਸੁਹੱਪਣ ਆਦਿ ਵਰਗੇ ਗੁਣਾਂ ਨੂੰ ਭਾਲਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਹਮੇਸ਼ਾਂ ਸੱਭਿਆਚਾਰਕ ਗਾਇਕੀ ਦੇ ਨਾਲ ਨਾਲ ਚੰਗੇ ਗੀਤਾਂ ਨੂੰ ਨਿੱਘਾ ਪਿਆਰ ਦਿੱਤਾ ਹੈ ਅਤੇ ਇਹ ਗੀਤ ਉਸੇ ਸੱਭਿਆਚਾਰ ਦੀ ਹਾਮੀ ਭਰਦਾ ਹੈ। ਇਸ ਮੌਕੇ ਉਹਨਾਂ ਗੀਤ ਦੇ ਬੋਲ ‘ਤੈਨੂੰ ਬੇਬੇ ਦੀ ਬਨਾਉਣਾ ਨੂੰਹ ਰਾਣੀ’ ਗਾ ਕੇ ਸੁਣਾਇਆ। ਉਹਨਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਪਹਿਲਾਂ ਹੀ ਯੂ-ਟਿਊਬ ਉਤੇ ਰਲੀਜ਼ ਹੋ ਚੁੱਕੀ ਹੈ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਗਾਇਕੀ ਦੇ ਖੇਤਰ ਵਿਚ ਪਿਛਲੇ 12 ਸਾਲ ਤੋਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ, ਜਿਨ੍ਹਾਂ ਵਿਚ ਖੰਡ ਦੀ ਪੁੜੀ, ਤੇਰਾ ਇਸ਼ਕ ਨਚਾਣੇ ਨੰਗੇ ਪੈਰੀਂ, ਜੱਟੀ ਇਕ ਨੰਬਰ, ਅੱਡੀ ਨਾ ਟਿੱਕਦੀ ਆਦਿ ਸ਼ਾਮਲ ਹਨ। ਉਹਨਾਂ ਆਪਣੇ ਅਗਲੇ ਪ੍ਰੋਜੈਕਟਾਂ ਬਾਰੇ ਦੱਸਿਆ ਕਿ ਉਹ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਗੁਰਨਾਮ ਭੁੱਲਰ, ਐਮੀ ਵਿਰਕ ਨਾਲ ਵੀ ਗੀਤ ਕਰ ਚੁੱਕੀ ਹੈ ਅਤੇ ਫਿਲਮਾਂ ਵਿਚ ਵੀ ਦਿਖਾਈ ਦੇਵਾਂਗੀ।

ਜਸਮੀਨ ਅਖ਼ਤਰ ਨੇ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਕੋਟਕਪੂਰਾ ਇਲਾਕੇ ਦੀ ਵਸਨੀਕ ਹਾਂ। ਬਚਪਨ ਵਿਚ ਪਿਤਾ ਦੇ ਵਿਛੋੜੇ ਬਾਅਦ ਉਹਨਾਂ ਦੀ ਮਾਂ ਸ੍ਰੀਮਤੀ ਰਾਣੀ ਅਖ਼ਤਰ ਅਤੇ ਮਾਮਾ ਜਗਸੀਰ ਜੱਗੀ ਨੇ ਉਹਨਾਂ ਨੂੰ ਸੰਭਾਲਿਆ ਅਤੇ ਪੜ੍ਹਾਇਆ-ਲਿਖਾਇਆ। ਅੱਜ ਮੈਂ ਜਿਸ ਮੁਕਾਮ ਉਤੇ ਪੁੱਜੀ ਹਾਂ ਇਸ ਪਿਛੇ ਮੇਰੀ ਮਾਂ, ਮਾਮੇ ਅਤੇ ਭੈਣ-ਭਰਾਵਾਂ ਦਾ ਵੱਡਾ ਯੋਗਦਾਨ ਹੈ। ਜਸਮੀਨ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਅੱਗੇ ਵੱਧਣ ਲਈ ਹਮੇਸ਼ਾਂ ਮਿਹਨਤ ਕਰਨੀ ਚਾਹੀਦੀ ਹੈ, ਬਾਕੀ ਪ੍ਰਮਾਤਮਾ ਮਿਹਨਤ ਦਾ ਫਲ ਸਭ ਨੂੰ ਦਿੰਦਾ ਹੈ। ਜਸਮੀਨ ਨੇ ਅੱਗੇ ਦੱਸਿਆ ਕਿ ਗੀਤ ‘ਨੂੰਹ ਰਾਣੀ’ ਦੇ ਬੋਲ ਸਾਬਾ ਦੇ ਲਿਖੇ ਹੋਏ ਹਨ, ਜੋ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ, ਜਦਕਿ ਸੰਗੀਤ ਬੀਟਕੌਪ ਨੇ ਦਿੱਤਾ ਹੈ। ਗੀਤ ਦੀ ਵੀਡੀਓ ਗੁਰਦਿੱਤ ਸਿੰਘ ਨੇ ਬਣਾਈ ਹੈ।

ਇਸ ਦੌਰਾਨ ਸੰਗੀਤਕਾਰ ਸਚਿਨ ਅਹੂਜਾ ਨੇ ਕਿਹਾ ਕਿ ਅਖ਼ਤਰ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ, ਜੋ ਸੁਰੀਲੀਆ ਅਵਾਜ਼ਾਂ ਨਾਲ ਭਰਿਆ ਹੋਇਆ ਹੈ। ਇਸ ਪਰਿਵਾਰ ਨੇ ਪੰਜਾਬੀ ਸਭਿਆਚਾਰਕ ਗਾਇਕੀ ਵਿਚ ਨਵੇਂ ਦਿਸਹਿੱਦੇ ਕਾਇਮ ਕੀਤੇ ਹਨ। ਉਹਨਾਂ ਕਿਹਾ ਕਿ ਜਸਮੀਨ ਅਖ਼ਤਰ ਇਕ ਬਹੁਤ ਵਧੀਆ ਗਾਇਕਾ ਹੈ ਅਤੇ ਨਿੱਤ ਦਿਨ ਹਿੱਟ ਅਤੇ ਪਰਿਵਾਰਕ ਗੀਤ ਲੈ ਕੇ ਸਰੋਤਿਆਂ ਦੀ ਝੋਲੀ ਵਿਚ ਪਾ ਰਹੀ ਹੈ। ਰੱਬ ਇਸ ਬੱਚੀ ਨੂੰ ਤਰੱਕੀਆਂ ਅਤੇ ਲੰਮੀ ਉਮਰ ਬਖ਼ਸ਼ੇ।
ਪ੍ਰਸਿੱਧ ਪੰਜਾਬੀ ਗੀਤ ‘ਲਾਂਗ ਲੈਚੀ’ ਦੀ ਗਾਇਕਾ ਮੰਨਤ ਨੂਰ ਨੇ ਕਿਹਾ ਕਿ ਜਸਮੀਨ ਨੂੰ ਗਾਇਕੀ ਵਿਰਸੇ ਵਿਚੋਂ ਹੀ ਮਿਲੀ ਹੈ। ਉਹਨਾਂ ਕਿਹਾ ਕਿ ਮੈਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੀ ਹਾਂ ਕਿ ਮੇਰੀ ਭੈਣ ਜਸਮੀਨ ਅਖ਼ਤਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਉਹਨਾਂ ਦੱਸਿਆ ਕਿ ਸੰਗੀਤਕਾਰ ਸਚਿਨ ਆਹੂਜਾ ਜੀ ਨਾਲ ਮਿਲ ਕੇ ਬਣਾਇਆ ਮੇਰਾ ਗੀਤ ‘ਸੂਟ ਗਾਜਰੀ’ ਅੱਜਕੱਲ੍ਹ ਕਾਫ਼ੀ ਚਰਚਾ ਵਿੱਚ ਹੈ ਅਤੇ ਸਾਡੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਆਪਣੇ ਸਰੋਤਿਆਂ ਦੀ ਝੋਲੀ ਵਧੀਆ ਅਤੇ ਸਭਿਆਚਾਰਕ ਗੀਤ ਪਾਈਏ।

Comments are closed.