ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉੱਘੇ ਉਦਯੋਗਪਤੀ ਰਤਨ ਟਾਟਾ (86) ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਬੁੱਧਵਾਰ ਦੇਰ ਸ਼ਾਮ ਮੁੰਬਈ ਵਿਖੇ ਆਖਰੀ ਸਾਹ ਲਿਆ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਦੇਸ਼ ਵਿੱਚ ਉਦਯੋਗਿਕ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਰਤਨ ਟਾਟਾ ਦੇ ਲਾਮਿਸਾਲ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਟਾਟਾ ਸੰਨਜ਼ ਨੂੰ ‘ਗਲੋਬਲ ਪਾਵਰਹਾਊਸ’ ਬਣਾਉਣ ਲਈ ਰਤਨ ਟਾਟਾ ਦੀ ਸ਼ਲਾਘਾ ਕੀਤੀ ਜਿਸ ਨਾਲ ਦੇਸ਼ ਵਿੱਚ ਸਨਅਤੀ ਵਿਕਾਸ ਦੀ ਰਫ਼ਤਾਰ ਵੀ ਤੇਜ਼ ਹੋਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਤਨ ਟਾਟਾ ਦੀ ਸਖ਼ਤ ਮਿਹਨਤ, ਵਚਨਬੱਧਤਾ, ਸਮਰਪਿਤ ਭਾਵਨਾ ਅਤੇ ਸਾਦਗੀ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਆਪਣੀ ਪਸੰਦ ਦੇ ਖੇਤਰ ਵਿੱਚ ਮੁਕਾਮ ਬਣਾਉਣ ਲਈ ਪ੍ਰੇਰਿਤ ਕਰਦੀ ਰਹੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸਿੱਧ ਸਨਅਤੀ ਦਿੱਗਜ਼ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਕਿਉਂਕਿ ਉਨ੍ਹਾਂ ਦੇ ਤੁਰ ਜਾਣ ਨਾਲ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿੱਚ ਪੂਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਭਾਰਤ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ਉੱਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਕਾਰੋਬਾਰੀ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ।
ਭਗਵੰਤ ਸਿੰਘ ਮਾਨ ਨੇ ਦੁਖੀ ਪਰਿਵਾਰ ਅਤੇ ਸਾਕ-ਸਨੇਹੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਉਨ੍ਹਾਂ ਨੂੰ ਦੁੱਖ ਦੀ ਇਸ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ।
Discover more from News On Radar India
Subscribe to get the latest posts sent to your email.
Comments are closed.