News around you

ਭਗਵੰਤ ਮਾਨ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉਤਾਂਹ ਚੁੱਕਣ ਲਈ ਕੀਤੇ ਜਾ ਰਹੇ ਸਾਰਥਿਕ ਯਤਨ – ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਵੱਲੋਂ ਸਪੋਰਟਸ ਕਲੱਬ ਬੈਦਵਾਨ ਨੂੰ 51,000 ਰੁਪਏ ਦੇਣ ਦਾ ਐਲਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :  ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਬੈਦਵਾਨ ਸਪੋਰਟਸ ਕਲੱਬ (ਰਜਿ:) ਸੁਹਾਣਾ ਵੱਲੋਂ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਯਾਦਗਾਰੀ ਅਤੇ ਪੰਮੇ ਸੁਹਾਨੇ ਦੀ ਯਾਦ ਨੂੰ ਸਮਰਪਿਤ, 28ਵਾਂ ਕਬੱਡੀ ਕੱਪ ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਖੇਡ ਜਗਤ ਵਿੱਚ ਸਕਾਰਾਤਮਕ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੇ ਚਲਦਿਆਂ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਨੇ ਵੱਡਾ ਨੁਕਸਾਨ ਕੀਤਾ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਕੇ ਲੀਹ ਤੇ ਲਿਆਂਦਾ ਜਾ ਰਿਹਾ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਮੈਦਾਨ ਵਿੱਚ ਸਮਾਂ ਬਿਤਾਉਣਾ ਵਧੇਰੇ ਪਸੰਦ ਕਰ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡ ਲਈ ਲੋੜੀਂਦੇ ਸਮਾਨ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਜਿਹੜੀਆਂ ਖੇਡ ਸੰਸਥਾਵਾਂ ਖਿਡਾਰੀਆਂ ਨੂੰ ਖੇਡਾਂ ਲਈ ਪ੍ਰਮੋਟ ਕਰਦੀਆਂ ਹਨ, ਉਨ੍ਹਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਹਰ ਮਹੀਨੇ, ਹਰ ਦਿਨ ਅਤੇ ਹਰ ਅਹਿਮ ਮੌਕਿਆਂ ਤੇ ਪੰਜਾਬ ਭਰ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ ਜਿਸ ਤੋਂ ਭਗਵੰਤ ਮਾਨ ਸਰਕਾਰ ਦੇ ਖੇਡਾਂ ਪ੍ਰਤੀ ਸੁਹਿਰਦ ਅਤੇ ਸਾਰਥਿਕ ਵਾਤਾਵਰਣ ਪ੍ਰਦਾਨ ਕਰਨ ਬਾਰੇ ਪਤਾ ਚਲਦਾ ਹੈ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਬੈਦਵਾਨ ਸਪੋਰਟਸ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ।
ਕਬੱਡੀ ਕੱਪ ਦੇ ਦੌਰਾਨ ਇੱਕ ਪਿੰਡ ਓਪਨ ਵਿੱਚ, ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਜਦਕਿ ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਇਨਾਮ ਦਿੱਤੇ ਗਏ, ਜਦਕਿ ਇੱਕ ਪਿੰਡ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਬੁਲਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਕਬੱਡੀ ਕੱਪ ਦੇ ਵਿੱਚ ਵੱਡੀ ਗਿਣਤੀ ਵਿੱਚੋਂ ਪੰਜਾਬ ਭਰ ਵਿੱਚੋਂ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ‘ਤੇ ਅਵਤਾਰ ਮੌਲੀ, ਹਰਮੇਸ਼ ਕੁੰਬੜਾ,ਗੁਰਪ੍ਰੀਤ ਕੁਰੜਾ, ਜਗਵਿੰਦਰ ਧਾਲੀਵਾਲ,ਸਨੀ, ਤਰਲੋਚਨ ਮਟੌਰ,ਬਲਜੀਤ ਸਿੰਘ ਵਿੱਕੀ,ਧਰਮਪ੍ਰੀਤ ਸਿੰਘ, ਜਸਪਾਲ ਮਟੌਰ,ਤਰਲੋਚਨ ਸਿੰਘ ਸਰਪੰਚ ਕੈਲੋ ਅਤੇ ਪ੍ਰਗਟ ਸਿੰਘ ਹਾਜ਼ਰ ਸਨ।                                                                 (ਡੀ ਪੀ ਆਰ ਦੇ ਇੰਪੁੱਟ ਨਾਲ)

You might also like

Leave A Reply

Your email address will not be published.